ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣਨ ਲਈ ਅਤੇ ਹੋਰ ਜਾਣਕਾਰੀ ਲਈ ਸੰਪਰਕ ਕਰੋ : - ਕੋਠੀ ਨੰ. 4 ਦਰਸ਼ਨ ਐਵੀਨਿਉ ਜੀ ਟੀ ਰੋਡ ਅੰਮ੍ਰਿਤਸਰ (143001), ਸਬ ਆਫਿਸ : ਹਾਊਸ ਨੰ. 1637 ਸੈਕਟਰ 22 ਬੀ, ਚੰਡੀਗੜ੍ਹ - 160022. ਮੋਬਾ : 9814499503 ਈ-ਮੇਲ - aissf_news@yahoo.com

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆ ਸਰਗਰਮੀਆਂ

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਨਾਲ ਕਰਨ ਵਾਲੇ ਕਾਲਮ ਨਵੀਸ  ਕੁਲਦੀਪ ਨਈਅਰ ਦੇ ਨਾਮ  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਖੁੱਲਾ  ਖ਼ੱਤ 

ਕੁਲਦੀਪ ਨਈਅਰ ਜੀ ਬੁਢੇਪੇ ਦੇ ਆਖਰੀ ਪੜਾਅ ਦੌਰਾਨ ਆਪਣੀ ਕਲਮ ਨਾਲ ਧ੍ਰੋਹ ਨਾ ਕਮਾਵੋ !

ਕੁਲਦੀਪ ਨਈਅਰ ਜੀ ਸਤਿ ਸ੍ਰੀ ਅਕਾਲ ।

ਆਪ ਜੀ ਦਾ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਿਰਸਾ ਡੇਰਾ ਮੁੱਖੀ ਦੀ ਤੁਲਨਾ ਕਰਨ ਬਾਰੇ ਭੜਕਾਊ ਲੇਖ ਪੜ੍ਹਿਆ। ਮਨ ਨੂੰ ਬੜਾ ਦੁੱਖ ਹੋਇਆ, ਸਿੱਖ ਆਗੂਆਂ ਦੀ ਨਿਰਾਦਰ ਨਿੰਦਣਯੋਗ ਹੈ, ਤੁਸੀਂ ਇਸ ਵਾਰ ਸੰਤ ਜੀ ਦੀ ਆਲੋਚਨਾ 'ਚ ਸਾਰੀਆਂ ਹੱਦਾਂ ਪਾਰ ਕਰ ਦਿੱਤਿਆਂ ਹਨ। ਤੁਹਾਡੇ ਵਰਗੇ ਉੱਘੇ ਤੇ ਤਜਰਬੇਕਾਰ ਸਿਆਣੇ ਕਾਲਮ ਨਵੀਸ ਤੋਂ ਅਜਿਹੀ ਉਮੀਦ ਨਹੀਂ ਸੀ।
ਸੰਤ ਭਿੰਡਰਾਂਵਾਲਿਆਂ ਨੇ ਸਿੱਖ ਅਤੇ ਪੰਜਾਬ ਦੇ ਹੱਕਾਂ ਹਿਤਾਂ ਲਈ ਵੱਡੀ ਪਹਿਰੇਦਾਰੀ ਕਰਦਿਆਂ ਸੰਘਰਸ਼ ਰਾਹੀਂ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ। ਜਗ ਜਾਣ ਦਾ ਹੈ ਕਿ ਸੰਤ ਜੀ ਨੇ ਕਾਂਗਰਸ ਹਕੂਮਤ ਦੀਆਂ ਵਧੀਕੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਸੰਘਰਸ਼ ਨੂੰ ਆਪਣੀ ਕੁਰਬਾਨੀ ਤਕ ਅੰਜਾਮ 'ਤੇ ਪਹੁੰਚਾਉਂਦਿਆਂ ਕੁਰਬਾਨੀ ਰਾਹੀਂ ਸੁੱਤੀ ਕੌਮ ਨੂੰ ਹਲੂਣਾ ਦੇ ਕੇ ਜਗਾਇਆ।ਤਾਂ ਹੀ ਸਿੱਖ ਕੌਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਉਹਨਾਂ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਜਰਨੈਲ ਅਤੇ ਸ਼ਹੀਦ ਐਲਾਨਿਆ ਹੈ।
ਸੰਤ ਭਿੰਡਰਾਂਵਾਲਿਆਂ ਨੂੰ ਸਿੱਖ ਮਾਨਸਿਕਤਾ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ ਤਾਂ ਹੀ ਅੱਜ ਵੀ ਸਿੱਖ ਕੌਮ ਉਹਨਾਂ ਨੂੰ ਆਪਣਾ ਨਾਇਕ ਮੰਨਦੀ ਹੈ।ਦੂਰਅੰਦੇਸ਼ੀ ਕਹਿਣੀ ਤੇ ਕਰਨੀ ਦਾ ਸੂਰਾ ਹੋਣ ਕਾਰਨ ਉਹ ਸਾਡੇ ਲਈ ਆਦਰਸ਼ ਹਨ। ਲੋਕ ਮਨਾਂ ਖ਼ਾਸਕਰ ਨੌਜਵਾਨਾਂ ਵਿੱਚ ਸੰਤ ਜੀ ਦੇ ਪ੍ਰਭਾਵ ਤੋਂ ਤੁਸੀਂ ਅਣਜਾਣ ਨਹੀਂ ਹੋ।ਉਹਨਾਂ ਦੀ ਨਿਡਰਤਾ, ਬਹਾਦਰੀ, ਸੱਚੀ ਸੁੱਚੀ ਰਹਿਣੀ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਸਿੱਖੀ ਦੀ ਮੁੱਖਧਾਰਾ 'ਚ ਮੁੜ ਸਰਗਰਮ ਹੋ ਰਹੇ ਸਨ ਤੇ ਅੱਜ ਵੀ ਹੋ ਰਹੇ ਨੇ ਉਕਤ ਲਹਿਰ ਨੂੰ ਹਕੂਮਤ ਕਿਵੇਂ ਬਰਦਾਸ਼ਤ ਕਰ ਸਕਦੀ ਸੀ। ਸੰਤ ਜੀ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ ਨਵੀਂ ਚੇਤਨਾ ਬਖਸ਼ੀ ਅਤੇ ਕੌਮੀ ਸੰਘਰਸ਼ ਨੇ ਇੱਕ ਵੱਡਾ ਪੜਾਅ ਤੈਅ ਕੀਤਾ। 
ਤੁਹਾਡੀ ਲਿਖਤ ਵਿੱਚੋਂ ਫਿਰਕਿਆਂ 'ਚ ਨਫ਼ਰਤ ਫੈਲਾਉਣ ਦੇ ਉਦੇਸ਼ ਪ੍ਰਤੀ ਗਹਿਰੀ ਸਾਜ਼ਿਸ਼ ਦੀ ਬੌਅ ਆ ਰਹੀ ਹੈ। ਸੰਤ ਭਿੰਡਰਾਂਵਾਲਿਆਂ ਦੇ ਅਕਸ ਨੂੰ ਧੁੰਦਲਾ ਕਰਨ ਦੀ ਨਾਕਾਮ ਕੋਸ਼ਿਸ਼ ਦੌਰਾਨ ਉਹਨਾਂ ਪ੍ਰਤੀ 'ਭਸਮਾਸੁਰ' ਵਰਗੀ ਭੱਦੀ ਸ਼ਬਦਾਵਲੀ ਵਰਤਣੀ ਤੁਹਾਡੀ ਲੰਮੇ ਸਮੇਂ ਤੋਂ ਉਹਨਾਂ ਪ੍ਰਤੀ ਚਲੀ ਆ ਰਹੀ ਤੰਗ ਨਜ਼ਰੀਆ ਅਤੇ ਫਿਰਕਾਪ੍ਰਸਤ ਬਿਮਾਰ ਮਾਨਸਿਕਤਾ ਦਾ ਸ਼ਰੇਆਮ ਪ੍ਰਗਟਾਵਾ ਹੀ ਕਿਹਾ ਜਾ ਸਕਦਾ ਹੈ। 
ਅਸੀ ਸਮਝ ਦੇ ਹਾਂ ਕਿ ਇੱਕ ਦੁਰਾਚਾਰੀ ਦੀ ਤੁਲਣਾ ਸੰਤ ਭਿੰਡਰਾਂਵਾਲਿਆਂ ਵਰਗੇ ਇੱਕ ਸੱਚੇ ਸੁੱਚੇ ਤੇ ਉੱਤਮ ਇਖ਼ਲਾਕ ਦੇ ਮਾਲਕ ਨਾਲ ਕਰ ਕੇ ਤੁਸੀਂ ਆਪਣੇ ਬੋਧਿਕ ਦੀਵਾਲੀਏਪਨ ਦਾ ਸਬੂਤ ਦਿੱਤਾ ਹੈ।ਡੇਰਾ ਮੁੱਖੀ ਧੀਆਂ ਭੈਣਾਂ ਦੀ ਇੱਜ਼ਤ ਨਾਲ ਖੇਡਦਾ ਰਿਹਾ ਸੀ ਦੂਜੇ ਪਾਸੇ ਸੰਤ ਭਿੰਡਰਾਂਵਾਲਿਆਂ ਨੇ ਧੀਆਂ ਭੈਣਾਂ ਨੂੰ ਹਮੇਸ਼ਾਂ ਮਾਣ ਦਿੱਤਾ ਬਿਨਾਂ ਭੇਦ ਭਾਵ ਉਹਨਾਂ ਦੀ ਰਾਖੀ ਅਤੇ ਸਰਪ੍ਰਸਤੀ ਦਿੱਤੀ।ਜਗ ਜਾਣ ਚੁੱਕਾ ਹੈ ਕਿ ਡੇਰਾ ਸਿਰਸਾ ਮੁਖੀ ਧਾਰਮਿਕ ਕਦਰਾਂ ਕੀਮਤਾਂ ਪਾਲਣਾ ਤਾਂ ਦੂਰ, ਇਸਤਰੀਆਂ ਦਾ ਸ਼ੋਸ਼ਣ ਕਰਨ ਵਾਲਾ ਵਿਭਚਾਰੀ ਦੇਹਧਾਰੀ ਪਾਖੰਡੀ ਹੈ, ਜਿਸ ਨੂੰ ਕੀਤੇ ਦੀ ਸਜਾ ਅਦਾਲਤ ਵੱਲੋਂ ਸੁਣਾਈ ਜਾ ਚੁੱਕੀ ਹੈ।ਉਸ ਦੇ ਨਿੰਦਣਯੋਗ ਕੁਕਰਮਾਂ ਦੀ ਫਰਿਸਤ ਹੌਲੀ ਹੌਲੀ ਸਭ ਸਾਹਮਣੇ ਆ ਰਹੀ ਹੈ। 
ਡੇਰਾ ਮੁਖੀ ਸਜਾ ਸੁਣ ਕੇ ਗਿੜਗਿੜਾਉਂਦਾ ਰਿਹਾ ਦੂਜੇ ਪਾਸੇ ਸੰਤ ਭਿੰਡਰਾਂਵਾਲਾ ਧਰਮ ਦੀ ਰਾਖੀ ਅਤੇ ਕੌਮ ਨੂੰ ਜਗਾਉਣ ਖ਼ਾਤਰ ਸ਼ਾਨ ਨਾਲ ਸ਼ਹੀਦੀ ਪਾ ਗਿਆ।  
ਰਹੀ ਗਲ ਦੋਹਾਂ ਦੇ ਚੜ੍ਹਤ ਤੇ ਉਦੇਸ਼ ਸੰਬੰਧੀ ਤਾਂ ਕੋਈ ਥੋੜ੍ਹਾ ਬਹੁਤ ਸੂਝ ਰੱਖਣ ਵਾਲਾ ਵੀ ਜਾਣਦਾ ਹੈ ਕਿ ਦੋਹਾਂ 'ਚ ਵੱਡੇ ਫਰਕ ਪ੍ਰਤੀ ਤੁਲਣਾ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਡੇਰਾ ਮੁਖੀ ਦੀ ਸਿਆਸੀ ਚੜ੍ਹਤ ਆਪਣੇ ਕੁਕਰਮਾਂ ਨੂੰ ਛੁਪਾਉਣ ਤੋਂ ਇਲਾਵਾ ਆਪਣੇ ਕਾਰੋਬਾਰ ਨੂੰ ਫੈਲਾਉਂਦਿਆਂ ਮਾਇਆ ਇਕੱਠੀ ਕਰਨੀ ਅਤੇ ਭੋਲੇ ਭਾਲੇ ਲੋਕਾਂ ਨੂੰ ਧਾਰਮਿਕ ਸ਼ਰਧਾ ਭਾਵਨਾ ਆੜ 'ਚ ਗੁਮਰਾਹ ਕਰਨਾ ਹੀ ਉਸ ਦਾ ਮਕਸਦ ਰਿਹਾ ਜਦ ਕਿ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਚੜ੍ਹਤ ਨੂੰ ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ਹਿਤਾਂ ਲਈ ਵਰਤਿਆ। ਉਹਨਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸੁੱਖ ਦੇਣ, ਸੱਤਾ ਹਾਸਲ ਕਰਨ ਜਾਂ ਮਾਇਆ ਇਕੱਠੀ ਕਰਨ ਬਾਰੇ ਕਦੀ ਨਹੀਂ ਸੋਚਿਆ, ਸਗੋਂ ਕੌਮੀ ਦਰਦ ਰੱਖਦਿਆਂ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਤਤਪਰ ਰਹੇ। 
ਇੱਥੇ ਅਸੀ ਬੇਝਿਜਕ ਇਹ ਕਹਿਣਾ ਚਾਹੁੰਦੇ ਹਾਂ ਕਿ ਸੰਤ ਜੀ ਨੂੰ ਅਤਿਵਾਦੀ ਵਰਗੇ ਤਰਕਹੀਣ ਲੇਬਰ ਲਾਉਣਾ ਤੁਹਾਡੀ ਸ਼ਖਸੀਅਤ ਨੂੰ ਹੋਰ ਵੀ ਧੁੰਦਲਾ ਕਰ ਗਿਆ ਹੈ।ਤੁਸੀਂ ਲੰਮੇ ਸਮੇਂ ਤੋਂ ਆਏ ਦਿਨ ਸੰਤ ਜੀ ਪ੍ਰਤੀ ਫਿਰਕੂ ਜ਼ਹਿਰ ਉਗਲਨ ਦੇ ਬਾਵਜੂਦ ਅੱਜ ਤਕ ਇੱਕ ਵੀ ਅਜਿਹਾ ਠੋਸ ਸਬੂਤ ਜਾਂ ਪ੍ਰਮਾਣ ਨਹੀਂ ਦੇ ਸਕੇ ਜਿਸ ਨਾਲ ਸੰਤ ਜੀ ਨੂੰ ਅਤਿਵਾਦੀ ਸਿੱਧ ਕੀਤਾ ਜਾ ਸਕੇ। 
ਹਕੀਕਤ ਤੁਸੀਂ ਜਾਣਦੇ ਹੋ ਕਿ ਸੰਤ ਭਿੰਡਰਾਂਵਾਲਿਆਂ ਨੂੰ ਉਹਨਾਂ ਦੀ ਸ਼ਹੀਦੀ ਤਕ ਨਾ ਕਿਸੇ ਸਰਕਾਰ ਜਾਂ ਅਦਾਲਤ ਨੇ ਅਤਿਵਾਦੀ ਜਾਂ ਭਗੌੜਾ ਘੋਸ਼ਿਤ ਕੀਤਾ, ਨਾ ਕਿਸੇ ਥਾਣੇ 'ਚ ਉਹਨਾਂ ਖ਼ਿਲਾਫ਼ ਕੋਈ ਕੇਸ ਦਰਜ ਸੀ ਜਿਸ ਦਾ ਖੁਲਾਸਾ ਆਰ ਟੀ ਆਈ ਦੇ ਜਵਾਬ 'ਚ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਅਤੇ ਪੰਜਾਬ ਪੁਲੀਸ ਦੇ ਰਿਕਾਰਡ ਤੋਂ ਮਿਲਦਾ ਹੈ। ਇਸ ਤੋਂ ਪਹਿਲਾਂ ਸੰਤ ਜੀ ਇੱਕ ਤੋਂ ਵਧ ਵਾਰ ਗ੍ਰਿਫ਼ਤਾਰ ਹੋਏ ਪਰ ਦੋਸ਼ ਸਾਬਤ ਨਾ ਹੋਣ ਤੇ ਬਿਨਾ ਸ਼ਰਤ ਰਿਹਾ ਕਰਦਿਤਾ ਜਾਂਦਾ ਰਿਹਾ।
ਤੁਹਾਡੇ ਵੱਲੋਂ ਸੰਤ ਭਿੰਡਰਾਂਵਾਲਿਆਂ ਨੂੰ ਕਾਂਗਰਸ ਪਾਰਟੀ ਦੀ ਪੈਦਾਇਸ਼ ਦੱਸਣਾ ਇੱਕ ਅਜੀਬ ਤਰਕ ਨਹੀਂ ਤਾਂ ਹੋਰ ਕੀ ਹੈ, ਕੀ ਇਹ ਮੰਨ ਲਿਆ ਜਾਵੇ ਕਿ ਸਰਕਾਰ ਆਪਣੇ ਹੀ ਏਜੰਟ ਦੀ ਭੰਡੀ ਪ੍ਰਚਾਰ ਕਰ ਕੇ ਬਦਨਾਮ ਕਰਨਾ ਚਾਹੁੰਦੀ ਸੀ? ਤੁਹਾਡੇ ਦਾਅਵੇ ਅਤੇ ਖੁਦ ਦਾ ਤਰਕ ਝੂਠ ਅਤੇ ਬੇਬੁਨਿਆਦ ਹਨ, ਸੰਤ ਜਰਨੈਲ ਸਿੰਘ ਜੀ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁੱਖੀ ਰਹੇ ਸੰਤ ਕਰਤਾਰ ਸਿੰਘ ਜੀ ਨੇ ਹਕੂਮਤ ਨਾਲ ਐਮਰਜੈਂਸੀ ਦੌਰਾਨ ਮੱਥਾ ਲਾਇਆ, ਸਰਕਾਰੀ ਸ਼ਹਿ ਪ੍ਰਾਪਤ ਨਕਲੀ ਨਿਰੰਕਾਰੀਆਂ ਵਿਰੁੱਧ ਕਦਮ ਚੁੱਕੇ ਇੱਥੋਂ ਤਕ ਕਿ ਦਿਲੀ ਦੇ ਇੱਕ ਸਮਾਗਮ ਦੌਰਾਨ ਉਹਨਾਂ ਸ੍ਰੀਮਤੀ ਇੰਦਰਾ ਗਾਂਧੀ ਨੂੰ ਖਰੀਆਂ ਖਰੀਆਂ ਵੀ ਸੁਣਾਈਆਂ। 
ਅਜਿਹੀ ਸਥਿਤੀ ਵਿੱਚ 1977 ਵਿੱਚ ਦਮਦਮੀ ਟਕਸਾਲ ਦੇ ਮੁਖੀ ਬਣੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਾਂਗਰਸ ਵੱਲੋਂ ਵੀ ਵੱਸ ਵਿੱਚ ਕਰ ਲੈਣਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦ ਕਿ ਕੁੱਝ ਹੀ ਮਹੀਨਿਆਂ ਬਾਅਦ 1978 ਵਿੱਚ ਨਿਰੰਕਾਰੀ ਕਾਂਡ ਵਾਪਰ ਗਿਆ ਹੋਵੇ ਅਤੇ 13 ਸਿੰਘ ਨਿਰੰਕਾਰੀਆਂ ਹੱਥੋਂ ਸ਼ਹੀਦੀਆਂ ਪਾ ਗਏ ਹੋਣ ਦੇ ਬਾਵਜੂਦ ਨਿਰੰਕਾਰੀ ਮੁਖੀ ਫਿਰ ਵੀ ਬਰੀ ਹੋ ਜਾਵੇ।
ਬਿਨਾ ਸ਼ੱਕ ਸੰਤ ਭਿੰਡਰਾਂਵਾਲਿਆਂ ਨੇ ਦਮਦਮੀ ਟਕਸਾਲ ਦੀ ਜ਼ਿੰਮੇਵਾਰੀ ਸੰਭਾਲਦਿਆਂ ਦੁਸ਼ਮਣ ਦੀ ਪੰਥ ਵਿਰੋਧੀ ਕਾਰਵਾਈਆਂ ਦਾ ਠੋਕਵਾਂ ਜਵਾਬ ਦੇਣ ਦਾ ਤਹੱਈਆ ਕੀਤਾ। ਉਹ ਸਮਝਦੇ ਸਨ ਕਿ ਜੰਗ ਅਤੇ ਸ਼ਹਾਦਤ ਖ਼ਾਲਸਾ ਜੀ ਦੀ ਰੂਹਾਨੀ ਬਣਤਰ ਦਾ ਅਨਿੱਖੜਵਾਂ ਅੰਗ ਹਨ ਅਤੇ ਸਿੱਖਾਂ ਨਾਲ ਕੀਤੇ ਗਏ ਜਬਰ ਜ਼ੁਲਮ ਸਿੱਖਾਂ ਦੀ ਅਰਦਾਸ ਪਰੰਪਰਾ ਦਾ ਹਿੱਸਾ ਬਣਿਆ।  
ਤੁਸੀਂ ਸੰਤ ਭਿੰਡਰਾਂਵਾਲਿਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਮੌਕੇ ਹਕੂਮਤ ਦੀਆਂ ਵਧੀਕੀਆਂ ਨੂੰ ਨਜ਼ਰ ਅੰਦਾਜ਼ ਕਰਨਾ ਕਦੀ ਨਹੀਂ ਭੁੱਲਦੇ।ਪਰ ਤੁਸੀਂ ਇਸ ਹਕੀਕਤ ਤੋਂ ਇਨਕਾਰੀ ਨਹੀਂ ਹੋ ਸਕਦੇ ਕਿ ਆਜ਼ਾਦੀ ਤੋਂ ਬਾਅਦ ਹਿੰਦੂ ਭਾਈਚਾਰੇ ਨੂੰ ਸਹਿਜ ਹੀ ਉਹ ਸਭ ਕੁੱਝ ਹਾਸਲ ਹੋ ਗਿਆ ਜੋ ਉਹਨਾਂ ਦੇ ਧਰਮ ਦੇ ਅਨੁਸਾਰ ਠੀਕ ਬੈਠਦਾ ਸੀ, ਪਰ ਵੰਡ ਸਮੇਂ ਸਿੱਖ ਆਗੂਆਂ ਵੱਲੋਂ ਕੋਈ ਵੀ ਸੰਵਿਧਾਨਿਕ ਗਰੰਟੀ ਲਏ ਬਿਨਾ ਆਪਣੀ ਕੌਮ ਦੀ ਕਿਸਮਤ ਭਾਰਤ ਨਾਲ ਜੋੜਨ ਦੀ ਕੁਤਾਹੀ ਨੂੰ ਅੱਜ ਤਕ ਕੌਮ  ਭੁਗਤ ਰਹੀ ਹੈ। ਸਿੱਖਾਂ ਨੂੰ ਵਾਅਦੇ ਅਨੁਸਾਰ ਪੰਜਾਬੀ ਸੂਬਾ ਲੈਣ ਅਤੇ ਹੋਰ ਹੱਕੀ ਮੰਗਾਂ ਲਈ ਵੀ ਐਜੀਟੇਸ਼ਨ ਦਾ ਰਾਹ ਅਖਤਿਆਰ ਕਰਨਾ ਪਿਆ। ਲਖਾਂ ਸਿੱਖ ਗ੍ਰਿਫ਼ਤਾਰ ਹੋਏ ਸੈਂਕੜੇ ਸ਼ਹੀਦੀਆਂ ਹੋਈਆਂ। ਪੈਰ ਪੈਰ 'ਤੇ ਸਿੱਖਾਂ ਦਾ ਸਬਰ ਪਰਖਿਆ ਗਿਆ।
1966 'ਚ ਪੰਜਾਬੀ ਸੂਬਾ ਤਾਂ ਮਿਲਿਆ ਪਰ ਲੰਗੜਾ।ਤੁਸੀਂ ਦੱਸੋ  ਸ਼ਕਤੀ ਸੰਪੰਨ ਰਾਜ ਦੀ ਥਾਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਵਿੱਚ ਧਾਰਾ 78- 80 ਜੋੜਦਿਆਂ ਕਿ ਦੋਹਾਂ ਰਾਜਾਂ ਦੀ ਕਿਸੇ ਸਮਝੌਤੇ ਤੇ ਨਾ ਅਪੜਣ ਦੀ ਸੂਰਤ 'ਚ ਕੇਂਦਰੀ ਦਖਲ ਦੀ ਵਿਵਸਥਾ ਨਾਲ ਇੱਕ ਤਰਾਂ ਨਾਲ ਇਸ ਨੂੰ ਅਰਧ ਰਾਜ ਹੀ ਨਹੀਂ ਬਣਾ ਦਿੱਤਾ ਗਿਆ ?।ਇੰਦਰਾ ਗਾਂਧੀ ਵੱਲੋਂ ਪੰਜਾਬ ਨੂੰ ਵੰਡਣ ਲਈ ਸ਼ਾਹ ਕਮਿਸ਼ਨ ਸਥਾਪਿਤ ਕਰ ਕੇ ਤੁਹਾਡੇ ਹੀ ਕਹਿਣ ਅਨੁਸਾਰ 1950 ਦੀ 'ਵਿਵਾਦੀ' ਮਰਦਮਸ਼ੁਮਾਰੀ ਦੇ ਆਧਾਰ 'ਤੇ ਹੱਦਬੰਦੀ ਕਰਨੀ ਬੇਈਮਾਨੀ ਨਹੀਂ? ਪੰਜਾਬੀ ਬੋਲਦੇ ਇਲਾਕੇ ਸਮੇਤ ਚੰਡੀਗੜ੍ਹ, ਪੰਜਾਬ ਤੋਂ ਬਾਹਰ ਕੀਤਾ ਜਾਣਾ, ਦਰਿਆਈ ਪਾਣੀਆਂ ਦੀ ਵੰਡ ਅੰਤਰ ਰਾਸ਼ਟਰੀ ਕਾਨੂੰਨ ਨੂੰ ਨਜ਼ਰ ਅੰਦਾਜ਼ ਕਰ ਕੇ ਖੋਹ ਲੈਣਾ ਦੀ ਪੂਰੀ ਕਹਾਣੀ ਤੋਂ ਤੁਸੀਂ ਚੰਗੀ ਤਰਾਂ ਵਾਕਫ਼ ਹੋ, ਪੰਜਾਬ ਦੇ ਹੈੱਡ ਵਰਕਸ 'ਤੇ ਕੰਟਰੋਲ ਜਮਾ ਲੈਣ ਆਦਿ ਖ਼ਿਲਾਫ਼ ਅਤੇ ਰਾਜਾਂ ਦੇ ਵਧ ਅਧਿਕਾਰਾਂ ਲਈ ਸਿੱਖ ਆਵਾਜ਼ ਉਠਾਉਣ ਤਾਂ ਉਹਨਾਂ ਨੂੰ ਅਤਿਵਾਦੀ ਵੱਖਵਾਦੀ ਤੇ ਦੇਸ਼-ਧ੍ਰੋਹੀ ਕਹਿਣਾ ਕਿੱਥੋਂ ਤਕ ਤਰਕ ਸੰਗਤ ਹੈ? ਕੀ ਆਪਣੇ ਭਾਈਚਾਰੇ ਦੇ ਹਿਤਾਂ ਲਈ ਲੜਨਾ ਕੀ ਜੁਰਮ ਹੈ? ਪੰਜਾਬ ਅਤੇ ਸਿੱਖ ਹੱਕਾਂ ਲਈ ਲਾਏ ਗਏ ਧਰਮਯੁੱਧ ਮੋਰਚੇ ( ਐਜੀਟੇਸ਼ਨ) ਦੌਰਾਨ ਸਿੱਖ ਮਾਨਸਿਕਤਾ ਚ ਇੱਕ ਨਾਇਕ ਵਜੋਂ ਉੱਭਰੇ ਸੰਤ ਜੀ ਨੂੰ ਤੁਸੀਂ ਖਲਨਾਇਕ ਵਜੋਂ ਪੇਸ਼ ਨਹੀਂ ਕਰ ਪਾਉਗੇ।
ਬੀਤੇ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗ ਦਾ ਹੈ ਕਿ ਉਸ ਸਮੇਂ ਸਿਆਸੀ ਸ਼ਹਿ 'ਤੇ ਪੁਲੀਸ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਹਾਲਾਤ ਨੂੰ ਵਿਗਾੜਨ ਲਈ ਪੂਰੇ ਜ਼ਿੰਮੇਵਾਰ ਸਨ, ਜਿਨ੍ਹਾਂ ਬਾਰੇ ਪੀਪਲਜ਼ ਯੂਨੀਅਨ ਦੇ ਸਿਵਲ ਲਿਬਰਟੀਜ ਰਾਹੀਂ ਤੁਹਾਡੇ ਵੱਲੋਂ ਪੇਸ਼ ਰਿਪੋਰਟ ਨੂੰ ਹੁਣ ਵੀ ਤੁਸੀਂ ਖੰਘਾਲ ਸਕਦੇ ਹੋ ਕਿ ਕਿਵੇਂ ਪੁਲੀਸ ਨੇ ਆਪਣੇ ਸਿਆਸੀ ਆਕਾਵਾਂ ਦੇ ਹੁਕਮਾਂ 'ਤੇ ਫੁੱਲ ਚੜ੍ਹਾਉਂਦਿਆਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਤੇ ਸਿੱਖਾਂ ਨਾਲ ਵਹਿਸ਼ੀਆਨਾ ਵਰਤਾਓ ਕੀਤਾ। ਕੀ ਆਪਣੇ ਭਾਈਚਾਰੇ ਦੇ ਹੱਕ ਅਤੇ ਇਨਸਾਫ਼ ਲਈ ਲੜਨਾ ਜੁਰਮ ਮੰਨਿਆ ਜਾਵੇਗਾ?  
ਕੌਮੀ ਦਰਦ ਨੂੰ ਪਰਨਾਇਆ ਹੋਇਆ ਸੰਤ ਭਿੰਡਰਾਂਵਾਲਾ ਸਿੱਖ ਕੌਮ ਨਾਲ ਕੀਤੇ ਜਾ ਰਹੇ ਵਿਤਕਰਿਆਂ ਪ੍ਰਤੀ ਚਿੰਤਤ ਸੀ ਅਤੇ ਪੰਜਾਬ ਮਸਲਿਆਂ ਦੇ ਹਲ ਪ੍ਰਤੀ ਵਿਸਥਾਰ ਸਹਿਤ ਗੱਲਬਾਤ ਕਰਨ ਲਈ ਬੀਬੀ ਇੰਦਰਾ ਗਾਂਧੀ ਨੂੰ ਮਿਲਣਾ ਚਾਹੁੰਦੇ ਸਨ, ਜਿਸ ਲਈ ਉਹਨਾਂ 19 ਫਰਵਰੀ 1983 'ਚ ਇੱਕ ਚਿੱਠੀ ਵੀ ਲਿੱਖੀ। ਚਿੱਠੀ ਦਾ ਰਸਮੀ ਜਵਾਬ ਵੀ ਮਿਲਿਆ ਪਰ ਬੀਬੀ ਇੰਦਰਾ  ਗਾਂਧੀ ਨੇ ਮੁਲਾਕਾਤ ਲਈ ਕਦੀ ਵੀ ਸਮਾਂ ਨਹੀਂ ਕੱਢਿਆ। ਭਾਜਪਾ ਸੰਸਦ ਡਾ: ਸੁਬਰਾਮਨੀਅਮ ਸਵਾਮੀ ਜੋ ਕਿ ਸੰਤ ਜੀ ਤੋਂ ਬਹੁਤ ਪ੍ਰਭਾਵਿਤ ਹਨ, ਜਿਨ੍ਹਾਂ ਨੂੰ ਸੰਤ ਜੀ ਕੋਲ ਕਈ ਵਾਰ ਠਹਿਰਨ ਦਾ ਮੌਕਾ ਮਿਲਿਆ ਨੇ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਸੰਤ ਜੀ ਸ੍ਰੀਮਤੀ ਗਾਂਧੀ ਨੂੰ ਮਿਲਣਾ ਚਾਹੁੰਦੇ ਸਨ ਪਰ ਇੰਦਰਾ ਗਾਂਧੀ ਸੰਤ ਜੀ ਨੂੰ ਮਿਲਣ ਤੋਂ ਹਮੇਸ਼ਾਂ ਕਤਰਾਉਂਦੀ ਰਹੀ।
ਐਜੀਟੇਸ਼ਨ ਦੌਰਾਨ ਸਿੱਖ ਆਗੂਆਂ ਨਾਲ ਕੀਤੇ ਜਾ ਰਹੇ ਸਮਝੌਤਿਆਂ ਨੂੰ ਸਾਬੋ ਤਾਜ ਕਰਨ ਲਈ ਕੋਣ ਜ਼ਿੰਮੇਵਾਰ ਸੀ? ਇਸ ਬਾਰੇ ਤੁਸੀਂ ਅਣਜਾਣ ਨਹੀਂ ਹੋ ਕਿ ਗੱਲਬਾਤ ਦਾ ਰਸਤਾ ਕਿਸ ਨੇ ਬੰਦ ਕੀਤਾ। ਸਿਆਸੀ ਮੁਫ਼ਾਦ ਛੁਪਾਈ ਹੋਈ ਇਹ ਦਲੀਲ ਕਿਸ ਦੀ ਸੀ ਕਿ ''ਮੈਂ ਹੋਰਨਾਂ ਨੂੰ ਵੀ ਤਾਂ ਨਾਲ ਰੱਖਣਾ ਹੈ''? ਤੁਸੀਂ ਜਾਣ ਦੇ ਹੋ ਉਸ ਵਕਤ ਹਕੂਮਤ ਕਿਸੇ ਖ਼ਤਰੇ ਨੂੰ ਵੇਖਣ, ਭਾਂਪਣ ਤੋਂ ਪੂਰੀ ਤਰਾਂ ਇਨਕਾਰੀ ਸੀ।ਜੇ ਉਹਨਾਂ ਦਾ ਕੋਈ ਸਰੋਕਾਰ ਸੀ ਤਾਂ ਇਹੀ ਕਿ ਬਹੁਗਿਣਤੀ ਦੀਆਂ ਵੋਟਾਂ ਅਤੇ ਸਿਆਸੀ ਲਾਭ ਕਿਵੇਂ ਹਾਸਲ ਕੀਤਾ ਜਾਵੇ? 
ਕਿਸੇ ਸਰਕਾਰ ਨੇ ਕਿਸੇ ਆਪਣੇ ਹੀ ਨਾਗਰਿਕ ਨੂੰ ਗ੍ਰਿਫ਼ਤਾਰ ਕਰਨ ਜਾਂ ਮਾਰਨ ਲਈ ਦੁਸ਼ਮਣ 'ਤੇ ਹਮਲੇ ਲਈ ਵਰਤੀ ਜਾਂਦੀ ਫੌਜ ਨੂੰ ਤੋਪਾਂ ਟੈਂਕਾਂ ਨਾਲ ਕਿਸੇ ਧਾਰਮਿਕ ਅਸਥਾਨ 'ਤੇ ਨਹੀਂ ਭੇਜਿਆ। ਨਿਰ ਸੰਦੇਹ ਸ੍ਰੀ ਦਰਬਾਰ ਸਾਹਿਬ 'ਚ ਫੌਜ ਦੀ ਵਰਤੋਂ ਕਿਸੇ ਨੂੰ ਗ੍ਰਿਫ਼ਤਾਰ ਕਰਨ, ਮਾਰਨ ਜਾਂ ਦਬਾਅ ਬਣਾਉਣ ਲਈ ਨਹੀਂ ਕੀਤੀ ਗਈ ਸਗੋਂ ਇੱਕ ਕੌਮ ਦੀ ਸ਼ਕਤੀ, ਧਰਮ ਅਤੇ ਸਵੈਮਾਨ ਨੂੰ ਕੁਚਲ ਦੇਣ ਵਾਸਤੇ ਭੇਜੀ ਗਈ। ਅਜਿਹੀ ਸਥਿਤੀ ਵਿੱਚ ਗੁਰੂ ਦਸਮੇਸ਼ ਪਿਤਾ ਦਾ ਹੁਕਮ ਕਿ ਜੱਦੋ ਸ਼ਾਂਤੀਪੂਰਨ ਹਲ ਦੇ ਸਾਰੇ ਰਸਤੇ ਬੰਦ ਹੋ ਜਾਣ ਤਾਂ ਤਲਵਾਰ ਨੂੰ ਹੱਥ ਪਾਉਣਾ ਜਾਇਜ਼ ਹੈ ਨੂੰ ਤਰਜੀਹ ਦੇਣ ਤੋਂ ਇਲਾਵਾ ਸੰਤ ਜੀ ਕੋਲ ਹੋਰ ਕਿਹੜਾ ਰਸਤਾ ਸੀ?
ਚੂੰ ਕਾਰ ਅੱਜ ਹਮਾ ਹੀਲਤੇ ਦਰ ਗੁਜ਼ੱਸਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ।
ਸਵਾਲ ਉੱਠਦਾ ਹੈ ਕਿ ਕੀ ਸੰਤ ਭਿੰਡਰਾਂਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਹੀ ਸ੍ਰੀ ਦਰਬਾਰ ਸਾਹਿਬ ਫੌਜੀ ਭੇਜੀ ਗਈ? ਜਿਵੇਂ ਕਿ ਤੁਸੀਂ ਵੀ ਦਾਅਵਾ ਕਰਦੇ ਹੋ। ਪਰ ਸ੍ਰੀਮਤੀ ਗਾਂਧੀ ਦਾ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਬਾਰੇ ਬਜ਼ਿੱਦ ਹੋਣ ਦੇ ਕਈ ਪ੍ਰਮਾਣ ਮੌਜੂਦ ਹਨ। ਪੰਜਾਬ ਦੇ ਤਤਕਾਲੀ ਗਵਰਨਰ ਪਾਂਡੇ ਨੇ ਫੌਜ ਨਾ ਭੇਜਣ ਪ੍ਰਤੀ ਦਿੱਤੇ ਗਏ ਰਾਏ ਨੂੰ ਨਾ ਮੰਨਣ 'ਤੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਨਰਲ ਸਿਨਹਾ ਨੇ ਵਿਰੋਧ ਕੀਤਾ ਤਾਂ ਉਹਨਾਂ ਦੀ ਥਾਂ ਵੈਦਿਆ ਨੂੰ ਚੀਫ਼ ਆਫ਼ ਆਰਮੀ ਬਣਾਦਿਤਾ ਗਿਆ।ਸਿਨਹਾ ਅਨੁਸਾਰ ਫੌਜੀ ਹਮਲੇ ਲਈ ਸਰਕਾਰ 1981 'ਚ ਹੀ ਤਿਆਰੀਆਂ 'ਚ ਜੁਟ ਗਈ ਸੀ ਅਤੇ ਹਿਮਾਚਲ ਦੇ ਚਕਰਾਤਾ ਵਿਖੇ ਬਕਾਇਦਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫੌਜ ਨੂੰ ਹਮਲੇ ਦੀ ਟਰੇਨਿੰਗ ਦਿੱਤੀ ਜਾ ਰਹੀ ਸੀ।ਜਦ ਕਿ ਉਸ ਵਕਤ ਸੰਤ ਜੀ ਦਾ ਸ੍ਰੀ ਦਰਬਾਰ ਸਾਹਿਬ ਸਥਾਈ ਦਾਖਲਾ ਵੀ ਨਹੀਂ ਸੀ ਹੋਇਆ। ਹੁਣ ਹੁਣੇ ਸੇਵਾ ਮੁਕਤ ਹੋਏ ਰਾਸ਼ਟਰਪਤੀ ਸ੍ਰੀ ਪ੍ਰਣਾਮ ਮੁਖਰਜੀ ਨੇ ਤਾਂ ਕੁੱਝ ਕੁ ਮਹੀਨੇ ਪਹਿਲਾਂ ਇਹ ਖੁਲਾਸਾ ਕੀਤਾ ਕਿ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਬੁਲਾਈ ਗਈ ਮੀਟਿੰਗ ਦੌਰਾਨ ਉਹਨਾਂ ਹਮਲੇ ਤੋਂ ਉਤਪੰਨ ਹੋਣ ਵਾਲੇ ਸਿੱਟਿਆਂ ਬਾਰੇ ਖ਼ਬਰਦਾਰ ਕਰਦਿਆਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਨਾ ਕਰਨ ਲਈ ਕਿਹਾ ਸੀ ਪਰ ਇੰਦਰਾ ਹਮਲੇ ਲਈ ਬਜ਼ਿਦ ਸੀ।
ਕੀ ਇਹ ਸੱਚ ਨਹੀਂ ਕਿ ਸਰਕਾਰ ਵੱਲੋਂ ਸੰਤ ਜੀ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਗ੍ਰਿਫ਼ਤਾਰ ਕਰਨ ਬਾਰੇ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕਰਨ ਬਾਰੇ ਅੱਜ ਤਕ ਕੋਈ ਪ੍ਰਮਾਣ ਸਾਹਮਣੇ ਨਹੀਂ ਆਇਆ। ਨਾ ਹੀ ਹਮਲੇ ਤੋਂ ਪਹਿਲਾਂ ਕਿਸੇ ਖ਼ਿਲਾਫ਼ ਕੋਈ ਵਾਰੰਟ ਕੱਢਿਆ ਗਿਆ। 
ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਫੌਜੀ ਕਾਰਵਾਈ ਨੂੰ ਉਚਿਤ ਕਰਾਰ ਦੇਣ ਦੀ ਜੋ ਤੁਸੀਂ ਵਕਾਲਤ ਕਰਦੇ ਰਹੇ ਹੋ ਇਹ ਫੌਜੀ ਹਮਲਾ ਵੀਹਵੀਂ ਸਦੀ 'ਚ ਆਪਣੀ ਹੀ ਹਕੂਮਤ ਵੱਲੋਂ ਸਿੱਖਾਂ ਨੂੰ ਮਾਰੀ ਗਈ ਸਭ ਤੋਂ ਵੱਡੀ ਸੱਟ ਸੀ, ਜਿਸ ਦੀ ਪੀੜਾ ਅੱਜ ਵੀ ਅਸੀਂ ਮਹਿਸੂਸ ਕਰ ਦੇ ਹਾਂ। ਜਿਸ ਰਾਹੀਂ ਮਚਾਈ ਗਈ ਵੱਡੀ ਤਬਾਹੀ ਦੀ ਭਰਪਾਈ ਅੱਜ ਤਕ ਨਹੀਂ ਹੋ ਪਾਈ।  
ਉਸ ਵਕਤ ਦੇਹਧਾਰੀ ਗੁਰੂਡਮ ਵੱਲੋਂ ਗੁਰਬਾਣੀ ਦੀ ਕੀਤੀ ਜਾ ਰਹੀ ਨਿਰਾਦਰ, ਸਿੱਖ ਤੇ ਪੰਜਾਬ ਦੇ ਹੱਕਾਂ ਹਿਤਾਂ ਦੀ ਪਹਿਰੇਦਾਰੀ, ਸਰਕਾਰੀ ਵਧੀਕੀਆਂ ਖ਼ਿਲਾਫ਼ ਇਨਸਾਫ਼ ਲਈ ਸੰਤ ਭਿੰਡਰਾਂਵਾਲਿਆਂ ਨੇ ਅੱਗੇ ਹੋ ਕੇ ਸੰਘਰਸ਼ ਦੌਰਾਨ ਆਪਣਾ ਰੋਲ ਨਿਭਾਇਆ। ਧਰਮ ਪ੍ਰਚਾਰ ਦੀ ਲਹਿਰ ਨੂੰ ਲੈ ਕੇ ਅਤੇ ਪੰਜਾਬ ਤੇ ਸਿੱਖ ਹੱਕਾਂ ਨੂੰ ਲੈ ਕੇ ਸੰਤ ਜੀ ਜਿਸ ਦਿਸ਼ਾ ਵਿੱਚ ਚਲ ਰਹੇ ਸਨ ਉਸ ਦੀ ਸਰਕਾਰੀ ਏਜੰਸੀਆਂ ਅਤੇ ਪੰਥ ਵਿਰੋਧੀ ਸ਼ਕਤੀਆਂ ਨੇ ਸਹੀ ਤਰਜਮਾਨੀ ਨਹੀਂ ਕੀਤੀ। ਮਸਲਿਆਂ ਨੂੰ ਹਲ ਕਰਨ ਦੀ ਬਜਾਏ ਕੇਂਦਰ ਨੇ ਟਕਰਾਅ ਦਾ ਰਸਤਾ ਅਖਤਿਆਰ ਕੀਤਾ।ਉਸ ਦੇ ਇਵਜ਼ ਵੱਜੋ ਪੰਜਾਬ ਨੂੰ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪਿਆ, ਪੰਜਾਬੀਆਂ ਤੇ ਸਿੱਖਾਂ ਦਾ ਅਕਹਿ ਅਸਹਿ ਜਾਨੀ ਤੇ ਮਾਲੀ ਨੁਕਸਾਨ ਉਠਾਉਣਾ ਪਿਆ।
ਸੰਤ ਭਿੰਡਰਾਂਵਾਲਿਆਂ 'ਤੇ ਹਿੰਦੂਆਂ ਪ੍ਰਤੀ ਨਫ਼ਰਤ ਫੈਲਾਉਣ ਦੇ ਬੇਬੁਨਿਆਦ ਦੋਸ਼ ਲਾਉਣ ਸਮੇਂ ਤੁਸੀਂ ਇਹ ਕਿਵੇਂ ਭੁੱਲ ਜਾਂਦੇ ਹੋ ਕਿ ਉਸ ਵਕਤ ਦੀ ਹਿੰਦੂ ਸਿੱਖਾਂ 'ਚ ਝੜਪ ਦੀ ਇੱਕ ਵੀ ਮਿਸਾਲ ਨਹੀਂ ਮਿਲਦੀ। ਕਿਉਂਕਿ ਉਹ ਧਾਰਮਿਕ ਤੇ ਭਾਈਚਾਰਕ ਸਦਭਾਵਨਾ ਕਾਇਮ ਰੱਖਣ ਦੇ ਹਾਮੀ ਸਨ।ਸੰਤ ਜੀ ਵਾਰ ਵਾਰ ਇਹ ਕਹਿੰਦੇ ਹੁੰਦੇ ਸਨ ਕਿ ਉਹ ਆਪਣੇ ਧਰਮ ਵਿੱਚ ਪਰਪੱਕ ਹਰ ਹਿੰਦੂ, ਮੁਸਲਮਾਨ ਸਿੱਖ ਤੇ ਇਸਾਈ ਦਾ ਦਿਲੋਂ ਸਤਿਕਾਰ ਕਰਦੇ ਹਨ।ਪਰ ਕੁੱਝ ਸਿਆਸੀ ਪਾਰਟੀਆਂ ਅਤੇ ਤੁਹਾਡੇ ਵਰਗੇ ਫਿਰਕਾਪ੍ਰਸਤ ਤੱਤਾਂ ਨੇ ਉਹਨਾਂ ਦੇ ਵਿਚਾਰ, ਪ੍ਰਚਾਰ ਅਤੇ ਸੰਘਰਸ਼ ਨੂੰ ਗਲਤ ਰੰਗ ਰੂਪ 'ਚ ਪੇਸ਼ ਕਰਨਾ ਹੀ ਆਪਣਾ ਧਰਮ ਸਮਝਿਆ।
।ਭੜਕਾਊ ਅਤੇ ਫਿਰਕਾਪ੍ਰਸਤ ਲਿਖਤਾਂ ਰਾਹੀਂ ਮਨੋਂ ਭਾਵਨਾਵਾਂ ਤੇ । ਤੁਹਾਡੀ ਮਾਨਸਿਕਤਾ ਕਿਸੇ ਤੋਂ ਲੁਕੀ ਛੁਪੀ ਹੋਈ ਤਾਂ ਨਹੀਂ ਹੈ।ਫਿਰ ਵੀ ਪੰਜਾਬ ਦਾ ਸਪੂਤ ਹੋਣ ਦਾ ਪ੍ਰਮਾਣ ਦੇਣ ਲਈ ਪੰਜਾਬ ਦੇ ਹੱਕਾਂ ਹਿਤਾਂ ਦੀ ਗਲ ਕਰਨ ਦਾ ਹੋਕਾ ਜ਼ਰੂਰ ਕਬੂਲ ਕਰਿਓ। ਨਹੀਂ ਤਾਂ ਇਹਨਾਂ ਲਫਜ਼ਾਂ 'ਤੇ ਅਮਲ ਤਾਂ ਤੁਸੀਂ ਕਰ ਹੀ ਸਕਦੇ ਹੋ 

ਜੇ ਤੁਹਾਡੀ ਕਲਮ ਦੀ ਨੋਕ ਬਾਂਝ ਹੈ 
ਤਾਂ ਕਾਗ਼ਜ਼ਾਂ ਦਾ ਗਰਭਪਾਤ ਨਾ ਕਰੋ। 

ਧੰਨਵਾਦ ਸਹਿਤ------ ਗੁਰੂ ਪੰਥ ਦੇ ਦਾਸ ------ਕਰਨੈਲ ਸਿੰਘ ਪੀਰਮੁਹੰਮਦ, ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ 
ਸਰਚਾਂਦ ਸਿੰਘ ਖਿਆਲਾ )ਸਾਬਕਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ

Comments:

Follows Us on Twitter

Join Us on Facebook

Call to
+91-8872111984, 9814499503
KARNAIL SINGH PEER MOHAMMAD
PRESIDENT (AISSF)
AISSF Online Visits :